ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ਦੀ ਜਾਂਚ ਲਈ ਗ੍ਰਹਿ ਮੰਤਰਾਲੇ ਦੀ ਟੀਮ ਸ਼ੁੱਕਰਵਾਰ ਨੂੰ ਦਿੱਲੀ ਤੋਂ ਫ਼ਿਰੋਜ਼ਪੁਰ ਪਹੁੰਚੀ। ਇੰਨਾ ਹੀ ਨਹੀਂ ਟੀਮ ਉਸ ਜਗ੍ਹਾ ਵੀ ਗਈ ਜਿੱਥੇ ਪੀਐਮ ਮੋਦੀ ਦਾ ਕਾਫਲਾ 15-20 ਮਿੰਟ ਰੁਕਿਆ ਸੀ। ਇਸ ਥਾਂ ‘ਤੇ ਟੀਮ ਨੇ ਫਿਰੋਜ਼ਪੁਰ ਦੇ ਐਸਐਸਪੀ ਤੇ ਡੀਆਈਜੀ ਨੂੰ ਪੁੱਛਗਿੱਛ ਲਈ ਬੁਲਾਇਆ। ਪੀਐਮ ਮੋਦੀ ਬੁੱਧਵਾਰ ਨੂੰ ਪੰਜਾਬ ਦੌਰੇ ‘ਤੇ ਗਏ ਸਨ। ਇੱਥੇ ਕੁਝ ਪ੍ਰਦਰਸ਼ਨਕਾਰੀਆਂ ਨੇ ਰਸਤਾ ਰੋਕ ਦਿੱਤਾ ਸੀ। ਇਸ ਤੋਂ ਬਾਅਦ ਪੀਐਮ ਮੋਦੀ ਦਾ ਕਾਫਲਾ ਇੱਥੇ 15-20 ਮਿੰਟ ਰੁਕਿਆ। ਇਸ ਨੂੰ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਵੱਡੀ ਕਮੀ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇੰਨਾ ਹੀ ਨਹੀਂ ਗ੍ਰਹਿ ਮੰਤਰਾਲੇ ਦੀ ਟੀਮ ਨੇ ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੂੰ ਵੀ ਤਲਬ ਕੀਤਾ ਹੈ। ਬੀਐਸਐਫ ਕੈਂਪ ਵਿੱਚ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਗ੍ਰਹਿ ਮੰਤਰਾਲੇ ਦੀ ਕਮੇਟੀ ਵਿੱਚ ਸੁਰੱਖਿਆ ਸਕੱਤਰ ਸੁਧੀਰ ਕੁਮਾਰ ਨੂੰ ਕੈਬਨਿਟ ਸਕੱਤਰੇਤ ਦਾ ਮੁਖੀ ਬਣਾਇਆ ਗਿਆ ਹੈ। ਕਮੇਟੀ ਵਿੱਚ ਆਈਬੀ ਦੇ ਜੁਆਇੰਟ ਡਾਇਰੈਕਟਰ ਬਲਬੀਰ ਸਿੰਘ ਤੇ ਐਸਪੀਜੀ ਦੇ ਆਈਜੀ ਐਸ ਸੁਰੇਸ਼ ਸ਼ਾਮਲ ਹਨ।